Punjabi Kahani Moga/ ਹਾਸੇ ਦਾ ਤਮਾਸ਼ਾ .
ਉਦੋਂ ਮੈਂ ਪੰਜ ਛੇ ਕੁ ਸਾਲ ਦੀ ਸੀ … ਮੇਰੀ ਮੰਮੀ ਨੇ ਕਣਕ ਧੋ ਕੇ ਮੰਜੇ ਤੇ ਸੁੱਕਣੇ ਪਾਈ ਸੀ। ਮੇਰੀ ਛੋਟੀ ਭੈਣ ਨੂੰ ਕਹਿੰਦੇ ਕਿ ਕਣਕ ਚ ਹੱਥ ਮਾਰਦੇ … ਉਹ ਮੇਰੇ ਨਾਲੋ ਵੀ ਛੋਟੀ ਸੀ ਕਣਕ ‘ਚ ਹੱਥ ਮਾਰਦੇ ਹੋਏ ਉਹਦੇ ਕੰਨ ਵਿਚ ਦੋ ਕਣਕ ਦੇ ਦਾਣੇ ਚਲੇ ਗਏ । ਉਹਨੇ ਜਦੋਂ ਬੀਬੀ ਨੂੰ ਦੱਸਿਆ ਕਿ ਮੇਰੇ ਕੰਨ ਵਿੱਚ ਕਣਕ ਪੈ ਗਈ ਤਾਂ ਬੀਬੀ ਨੇ ਕੰਨ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਣਕ ਨਾ ਨਿਕਲੀ ਬੋਹਾ ਦੇ ਦੋ ਡਾਕਟਰਾਂ ਕੋਲ ਲੈ ਕੇ ਗਏ ਪਰ ਉਨ੍ਹਾਂ ਕਿਹਾ ਕਿ ਕੰਨ ਦਾ ਕੰਮ ਆ …ਅਸੀਂ ਨੀ ਕੱਢ ਸਕਦੇ । ਅਗਲੇ ਦਿਨ ਪਾਪਾ ਜੀ ਉਸ ਨੂੰ ਬੁਲਾਡੇ (ਬੁਢਲਾਡਾ) ਭਾਨ ਚੰਦ ਤੇ ਬੰਗਾਲੀ ਡਾਕਟਰ ਕੋਲ ਲੈ ਕੇ ਗਏ।
ਮੈਂ ਸੋਚਿਆ ਕਿ ਉਹ ਤਾਂ ਬੁਲਾਡੇ ਚਲੀ ਗਈ ‘ਤੇ ਮੈਂ ਰਹਿ ਗਈ। ਉਥੋਂ ਮੰਜੇ ਤੇ ਪਈ ਕਣਕ ‘ਚੋਂ ਮੈਂ ਵੀ ਦੋ ਦਾਣੇ ਚੱਕ ਕੇ ਆਪਣੇ ਕੰਨ ‘ਚ ਪਾ ਲਏ ਮੈਂ ਖੁਸ਼ ਸੀ ਕਿ ਮੈਂ ਵੀ ਹੁਣ ਉਹਨਾਂ ਦੇ ਨਾਲ਼ ਜਾ ਸਕਦੀ ਸੀ।ਮੈਂ ਮੰਮੀ ਨੂੰ ਦੱਸਿਆ ਕਿ ਮੇਰੇ ਵੀ ਕੰਨ ਚ ਕਣਕ ਪੈ ਗਈ ਮੰਮੀ ਕਹੇ ਕਿ ਹਾਲੇ ਪਹਿਲਾਂ ਤਾਂ ਲੋਟ ਨੀ ਆਏ … ਆਹ ਹੋਰ ਵਖਤ ਪੈ ਗਿਆ। ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤਾਂ ਕਹਿੰਦੇ ਕਿ ਦਾਣੇ ਨੀ ਨਿੱਕਲੇ … ਭੈਣ ਦਾ ਰੋ- ਰੋ ਕੇ ਬੁਰਾ ਹਾਲ਼ ਸੀ। ਮੇਰੀ ਭੈਣ ਨੂੰ ਰੋਦਿਆਂ ਦੇਖ ਕੇ ਮੇਰਾ ਵੀ ਰੋਣ ਨਿਕਲੇ। ਮੰਮੀ ਨੇ ਜਦੋਂ ਪਾਪਾ ਨੂੰ ਦੱਸਿਆ ਕਿ ਮੰਦਰ (ਮੇਰਾ ਘਰ ਦਾ ਨਾਂ) ਦੇ ਕੰਨ ਵਿੱਚ ਵੀ ਕਣਕ ਪੈ ਗਈ ਤਾਂ ਮੈਨੂੰ ਝਿੜਕਾਂ ਵੀ ਮਿਲੀਆਂ।
ਦੋ ਕੁੁ ਦਿਨਾਂ ਬਾਅਦ ਜਦੋਂ ਪਾਪਾ ਬੈਂਕ ਦਾ ਕੈਸ਼ ਬੁਢਲਾਡੇ ਜਮ੍ਹਾਂ ਕਰਾ ਕੇ ਸ਼ਾਮ ਨੂੰ ਵਾਪਸ ਆਏ ਤਾਂ ਉਹਨਾਂ ਨਾਲ਼ ਦੋ ਕੰਨਾਂ ‘ਚੋਂ ਮੈਲ ਕੱਢਣ ਵਾਲੇ ਸਨ ਜਿਹਨਾਂ ਦੇ ਸਿਰਾਂ ਤੇ ਲਾਲ ਰੰਗ ਵਟਿਆਂ ਵਾਲੇ ਪਰਨੇ ਤੇ ਪਰਨਿਆਂ ‘ਚ ਲੰਮੀਆਂ ਲੰਮੀਆਂ ਮੈਲ ਕੱਢਣ ਵਾਲੀਆਂ ਕੁੰਡੀਆਂ ਸਨ ।
ਸਾਨੂੰ ਦੋਵਾਂ ਭੈਣਾਂ ਨੂੰ ਡਰ ਵੀ ਲੱਗੇ ਪਰ ਜਿਆਦਾ ਡਰ ਸਾਨੂੰ ਪਾਪਾ ਜੀ ਤੋਂ ਲੱਗ ਰਿਹਾ ਸੀ ਮਸਾਂ ਕਿਤੇ ਜਾ ਕੇ ਕਣਕ ਦੇ ਦਾਣੇ ਕੱਢ ਕੇ ਉਨ੍ਹਾਂ ਨੇ ਸਾਡੇ ਹੱਥਾਂ ਤੇ ਧਰੇ। ਸੱਚੀਂ ਹਾਸੇ ਦਾ ਤਮਾਸ਼ਾ ਬਣ ਗਿਆ ਸੀ।
ਅੱਜ ਭੈਣ ਨੂੰ ਇਸ ਦੁਨੀਆਂ ਨੂੰ ਛੱਡ ਕੇ ਗਿਆਂ 23 ਸਾਲ ਹੋ ਗਏ ਪਰ ਉਹਦੇ ਹਾਸੇ … ਰੋਸੇ …ਲੜਨਾ ਵੀ …ਇਕ ਦੂਜੇ ਤੋਂ ਬਿਨਾਂ ਸਾਰਨਾ ਵੀ ਨੀ …ਅੱਜ ਦਿਲ ਚ ਟੀਸ ਬਣ ਕੇ ਰਹਿ ਗਏ।
ਸੁਖਮੰਦਰ ਕੌਰ ਮੋਗਾ (7087086575) Punjabi Kahani
Roop Basant /Punjabi Kahani
ਨਕੋਦਰ ਅਤੇ ਨਕੋਦਰ ਦੇ ਆਸਪਾਸ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ